ਥਾਣਾ ਫੇਜ਼ 8 ਦੀ ਪੁਲਿਸ ਨੇ ਕੁੰਬੜਾ ਟੀ ਪੁਆਇੰਟ ਤੋਂ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਤੋਂ 20 ਗਰਾਮ ਚਿੱਟਾ (ਹੈਰੋਇਨ), ਇੱਕ ਕੰਪਿਊਟਰ ਕੰਡਾ, 10 ਪਾਰਦਰਸ਼ੀ ਮੋਮੀ ਲਿਫ਼ਾਫੀਆਂ ਅਤੇ ਇੱਕ ਮੋਬਾਈਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੇਜ਼ 8 ਦੇ ਮੁੱਖ ਅਫਸਰ ਇੰਸਪੈਕਟਰ ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਬੀਤੀ 23 ਜੂਨ ਨੂੰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਨਾਲ ਕੁੰਬੜਾ ਟੀ ਪੁਆਇੰਟ ਤੇ ਨਾਕਾਬੰਦੀ ਕੀਤੀ ਹੋਈ ਸੀ ਉਹਨਾਂ ਵੇਖਿਆ ਕਿ ਮਟੌਰ ਵਲੋਂ ਆ ਰਹੇ ਇੱਕ ਮੋਨੇ ਵਿਅਕਤੀ ਨੇ ਪੁਲਿਸ ਨਾਕਾ ਵੇਖ ਕੇ ਘਬਰਾ ਗਿਆ ਅਤੇ ਆਪਣੀ ਪੈਂਟ ਦੀ ਖੱਬੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਖੱਬੇ ਪਾਸੇ ਸੁੱਟ ਦਿੱਤਾ ਤੇ ਵਾਪਿਸ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਨੇ ਸ਼ੱਕ ਪੈਣ ਤੇ ਉਸ ਨੂੰ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਤਲਾਸ਼ੀ ਦੌਰਾਨ ਉਸ ਤੋਂ 10 ਗਰਾਮ ਚਿੱਟਾ, ਇੱਕ ਕੰਪਿਊਟਰ ਕੰਡਾ, 10 ਪਾਰਦਰਸ਼ੀ ਮੋਮੀ ਲਿਫ਼ਾਫ਼ਿਆਂ ਅਤੇ ਇੱਕ ਮੋਬਾਇਲ ਫ਼ੋਨ ਬਰਾਮਦ ਕੀਤਾ। ਉਹਨਾਂ ਦੱਸਿਆ ਕਿ ਇਸ ਵਿਅਕਤੀ ਦੀ ਪਹਿਚਾਣ ਹਰਵਿੰਦਰ ਸਿੰਘ ਵਸਨੀਕ ਪਿੰਡ ਕੁੰਬੜਾ ਵਜੋਂ ਹੋਈ ਹੈ।ਇਸ ਵਿਅਕਤੀ ਖਿਲਾਫ ਥਾਣਾ ਫੇਜ਼ 8 ਵਿਖੇ ਐਨ ਡੀ ਪੀ ਸੀ ਐਕਟ ਦੀ ਧਾਰਾ 21-61-85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।