ਮੁਹਾਲੀ ਪੁਲੀਸ ਨੇ ਫੇਜ਼ 11 ਦੀ ਇੱਕ ਮਹਿਲਾ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਇਸ ਮਹਿਲਾ ਨੂੰ ਜਿਲ੍ਹਾ ਪੁਲੀਸ ਵਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸ ਟੀ ਐਫ ਦੀ ਟੀਮ ਅਤੇ ਥਾਣਾ ਫੇਜ਼ 8 ਦੀ ਟੀਮ ਵਲੋਂ ਫੇਜ਼ 9 ਕ੍ਰਿਕਟ ਸਟੇਡੀਅਮ ਦੇ ਕੋਲ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਹਾਸਿਲ ਹੋਈ ਸੀ ਕਿ ਉਕਤ ਮਹਿਲਾ ਹੀਰੋਈਨ ਦੀ ਸਪਲਾਈ ਕਰਦੀ ਹੈ ਜਿਸਤੋਂ ਬਾਅਦ ਪੁਲੀਸ ਵਲੋਂ ਥਾਣਾ ਫੇਜ਼ 8 ਦੇ ਮੁੱਖ ਅਫਸਰ ਇੰਸਪੈਕਟਰ ਰੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਕਰਵਾਈ ਦੌਰਾਨ ਐਸ ਆਈ ਬਲਜੀਤ ਸਿੰਘ ਅਤੇ ਏ ਐਸ ਆਈ ਸਤਿੰਦਰ ਪਾਲ ਸਿੰਘ ਸਮੇਤ ਪੁਲੀਸ ਪਾਰਟੀ ਨੇ ਇਸ ਮਹਿਲਾ ਤਰੁਨਪ੍ਰੀਤ ਕੌਰ ਉਰਫ ਗੁੱਡੀਆ ਵਾਸੀ ਫੇਜ਼ 11 ਨੂੰ ਫੇਜ਼ 9 ਦੇ ਕ੍ਰਿਕਟ ਸਟੇਡੀਅਮ ਦੇ ਨੇੜਿਉਂ 100 ਗ੍ਰਾਮ ਹੀਰੋਇਨ ਸਮੇਤ ਕਾਬੂ ਕਰ ਲਿਆ।
ਉਹਨਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਥਾਣਾ ਫੇਜ਼ 8 ਮੁਹਾਲੀ ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 21 ਅਧੀਨ ਮਾਮਲਾ ਦਰਜ ਕੀਤਾ ਹੈ। ਉਕਤ ਮਹਿਲਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।