ਪੰਜਾਬ ਵਿੱਚ ਭੂਮੀਗਤ ਪਾਣੀ ਦਾ ਤੇਜ਼ੀ ਨਾਲ ਡਿੱਗ ਰਿਹਾ ਪੱਧਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ । ਜੇਕਰ ਭੂਮੀਗਤ ਪਾਣੀ ਦੇ ਪੱਧਰ ਨੂੰ ਸਮੇਂ ਸਿਰ ਡਿੱਗਣ ਤੋਂ ਨਾ ਰੋਕਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸਣਗੇ । ਤੇਜ਼ੀ ਨਾਲ ਡਿੱਗ ਰਹੇ ਭੂਮੀਗਤ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਵਿੱਚ ਅਜਿਹੀਆਂ ਫ਼ਸਲਾਂ ਬੀਜੀਆਂ ਜਾਣ, ਜਿਨ੍ਹਾਂ ਦੀ ਝੋਨੇ ਅਤੇ ਕਣਕ ਦੀ ਖੇਤੀ ਦੇ ਮੁਕਾਬਲੇ ਪਾਣੀ ਦੀ ਲਾਗਤ ਘੱਟ ਹੋਵੇ । ਸਰ੍ਹੋਂ ਦੀ ਖੇਤੀ ਲਈ ਕਣਕ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਪੰਜਾਬ ਵਿੱਚ ਕਣਕ ਦੇ ਬਜਾਏ ਸਰ੍ਹੋਂ ਦੀ ਬਿਜਾਈ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ | ਇਸ ਨੂੰ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਰਾਈਸੀਲਾ ਫਾਊਂਡੇਸ਼ਨ, ਧੂਰੀ ਵੱਲੋਂ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਮਸਟਰਡ ਮਾਡਲ ਫਾਰਮ ਤਿਆਰ ਕੀਤੇ ਗਏ | ਅਕਤੂਬਰ 2023 ਵਿੱਚ ਰਾਈਸੀਲਾ ਫਾਊਂਡੇਸ਼ਨ, ਧੂਰੀ, ਵੱਲੋਂ ਵੱਖ-ਵੱਖ ਪਿੰਡਾਂ ਦੇ 91 ਕਿਸਾਨ ਭਰਾਵਾਂ ਨੂੰ ਇੱਕ ਏਕੜ ਦੇ ਡੈਮੋ ਪਲਾਟ ਦੇ ਲਈ ਪਾਇਨੀਅਰ 45S46 ਸਰ੍ਹੋਂ ਦੇ ਤਸਦੀਕਸ਼ੁਦਾ ਬੀਜ ਮੁਫ਼ਤ ਵੰਡੇ ਗਏ ਸਨ | ਬਿਜਾਈ ਲਈ ਰੇਜ਼ਡ ਬੈਡ ਪਲਾਂਟਰ ਮਸ਼ੀਨਾਂ ਵੀ ਇਨ੍ਹਾਂ ਕਿਸਾਨਾਂ ਨੂੰ ਡੈਮੋ ਪਲਾਟ ਤੇ ਵਰਤਣ ਲਈ ਮੁਫ਼ਤ ਮੁਹੱਈਆ ਕਰਵਾਇਆਂ ਗਈਆਂ | ਇਸ ਤੋਂ ਇਲਾਵਾ ਕਿਸਾਨਾਂ ਨੂੰ ਕੀੜਿਆਂ ਦੀ ਰੋਕਥਾਮ ਲਈ ਪੀਲੇ ਚਿਪਕੁ ਕਾਰਡ ਅਤੇ ਨਿੰਮ ਦਾ ਤੇਲ ਵੀ ਮੁਫਤ ਦਿੱਤਾ ਗਿਆ | ਰਾਈਸੀਲਾ ਫਾਊਂਡੇਸ਼ਨ ਦੇ ਫ਼ੀਲਡ ਅਫਸਰਾਂ ਵੱਲੋਂ ਗੁੱਡ ਐਗਰੀਕਲਚਰ ਪ੍ਰੈਟੀਸ ਕਰਵਾਈਆਂ ਗਈਆਂ ਅਤੇ ਸਮੇਂ-ਸਮੇਂ ਸਿਰ ਕਿਸਾਨਾਂ ਭਰਾਵਾਂ ਨੂੰ ਸਰ੍ਹੋਂ ਦੀ ਚੰਗੀ ਪੈਦਾਵਾਰ ਲਈ ਗਾਈਡ ਕੀਤਾ ਗਿਆ |
ਰਾਈਸੀਲਾ ਫਾਊਂਡੇਸ਼ਨ ਦੇ ਟਰੱਸਟੀ ਡਾ. ਏ.ਆਰ. ਸ਼ਰਮਾ ਨੇ ਦਸਿਆ ਕਿ ਰਾਈਸੀਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਨਤੀਜੇ ਵਜੋਂ ਇਨ੍ਹਾਂ ਡੈਮੋ ਪਲਾਟਾਂ ਵਿੱਚ ਸਰ੍ਹੋਂ ਦੀ ਚੰਗੀ ਪੈਦਾਵਾਰ ਹੋਈ ਹੈ | ਉਹਨਾਂ ਨੇ ਦੱਸਿਆ ਕਿ 91 ਏਕੜ ਡੈਮੋ ਪਲਾਟਾਂ ਵਿੱਚ ਤਕਰੀਬਨ 1060 ਕੁਇੰਟਲ ਸਰ੍ਹੋਂ ਦੀ ਪੈਦਾਵਾਰ ਹੋਈ ਜੋ ਕਿ ਤਕਰੀਬਨ 11.5 ਕੁਇੰਟਲ ਪਤ੍ਰੀ ਏਕੜ ਪੈਦਾਵਾਰ ਬਣਦੀ ਹੈ ਅਤੇ ਇਸ ਵਿੱਚੋਂ 43 ਏਕੜ ਮਾਡਲ ਫਾਰਮ ਦੀ ਪ੍ਰਤੀ ਏਕੜ ਪੈਦਾਵਾਰ 12-13 ਕੁਇੰਟਲ ਰਹੀ | ਉਹਨਾਂ ਨੇ ਦੱਸਿਆ ਕਿ ਕਿਸਾਨ ਭਰਾ ਫਸਲ ਦੀ ਪੈਦਾਵਾਰ ਨਾਲ ਬਹੁਤ ਖੁਸ਼ ਹਨ | ਡਾ. ਸ਼ਰਮਾ ਨੇ ਦੱਸਿਆ ਕਿ ਇਹ ਉੱਦਮ ਜਿੱਥੇ ਇੱਕ ਪਾਸੇ ਪੰਜਾਬ ਵਿੱਚ ਭੂਮੀਗਤ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਵਿੱਚ ਸਹਾਈ ਹੋਵੇਗਾ, ਉੱਥੇ ਹੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰੇਗਾ ਅਤੇ ਦੂਜੇ ਪਾਸੇ ਦੇਸ਼ ਦੀ ਖਾਣ ਵਾਲੇ ਤੇਲ ਦੀ ਆਯਾਤ 'ਤੇ ਨਿਰਭਰਤਾ ਨੂੰ ਘਟਾਉਣ ਲਈ ਇਹ ਇੱਕ ਅਹਿਮ ਕਦਮ ਸਾਬਿਤ ਹੋਵੇਗਾ |